Sunday, August 1, 2010

ਗ਼ਮਾਂ ਦੀਆਂ ਮਹਿਫ਼ਲਾਂ

ਸਾਡੇ ਵੇਹੜੇ ਲੱਗਦੀਆਂ , ਗ਼ਮਾਂ ਦੀਆਂ ਮਹਿਫ਼ਲਾਂ ।



ਹੰਝੂਆਂ ਚੋਂ ਹਾਸਿਆਂ ਨੂੰ ,

ਚਿਰਾਂ ਤੋਂ ਗੁਆਚਿਆਂ ਨੂੰ ,

ਰੋ ਰੋ ਕੇ ਲੱਭਦੀਆਂ ... ਗ਼ਮਾਂ ਦੀਆਂ ਮਹਿਫ਼ਲਾਂ ।

ਸਾਡੇ ਵੇਹੜੇ ਲੱਗਦੀਆਂ , ਗ਼ਮਾਂ ਦੀਆਂ ਮਹਿਫ਼ਲਾਂ ॥



ਘੜੀ ਸੀ ਕੁਲੈਹਣੀ , ਜਿਸ ਵੇਲੇ ਉਹ ਛੱਡ ਗਏ ,

ਹਿਜ਼ਰਾਂ ਦੇ ਤਿੱਖੇ ਤੀਰ , ਸੀਨੇ ਵਿੱਚ ਗੱਡ ਗਏ ,

ਰੂਹ ਕੁਰਲਾਈਂ ਜਾਵੇ ,

ਰੂਦਨ ਮਚਾਈਂ ਜਾਵੇ ,

ਵੈਣ ਪਾ ਪਾ ਫੱਬਦੀਆਂ ....ਗ਼ਮਾਂ ਦੀਆਂ ਮਹਿਫ਼ਲਾਂ ।

ਸਾਡੇ ਵੇਹੜੇ ਲੱਗਦੀਆਂ , ਗ਼ਮਾਂ ਦੀਆਂ ਮਹਿਫ਼ਲਾਂ ॥



ਭਾਵੇਂ ਉਹਨਾਂ ਆਉਣਾ ਨਹੀਂ , ਫੇਰ ਵੀ ਉਡੀਕ ਜਿਹੀ ,

ਆਉਣ ਦੀ ਉਮੀਦ , ਉਂਝ ਪਾਣੀ ਉੱਤੇ ਲ਼ੀਕ ਜਿਹੀ ,

ਫੇਰ ਵੀ ਹੈ ਆਸ ਜੇਹੀ ,

ਅੰਦਰੋਂ ਨਿਰਾਸ਼ ਜੇਹੀ ,

ਖੁਦ ਤਾਂਈਂ ਠੱਗਦੀਆਂ .......... ਗ਼ਮਾਂ ਦੀਆਂ ਮਹਿਫ਼ਲਾਂ ।

ਸਾਡੇ ਵੇਹੜੇ ਲੱਗਦੀਆਂ , ਗ਼ਮਾਂ ਦੀਆਂ ਮਹਿਫ਼ਲਾਂ ॥




ਆਉਣਾ ਹੁੰਦਾ ਜਾਂਦੇ ਨਾ ਓਹ , ਗਏ ਮੁੜ ਆਉਣੇ ਕਿਥੋਂ ,

ਚੁੱਗਦੇ ਜੋ ਚੋਗ , ਚੋਗੇ ਦਿਲਾਂ ਤੂੰ ਚੁਗਾਉਣੇ ਕਿਥੋਂ ,

ਹੀਰੇ ਮੋਤੀ ਚੁੱਗਦੇ ਨੇ ,

ਤੈਥੋਂ ਕਿੱਥੇ ਪੁੱਗਦੇ ਨੇ ,

ਗ਼ਰੀਬੀ ਚ' ਨਾ ਰੱਜ ਦੀਆਂ ....ਗ਼ਮਾਂ ਦੀਆਂ ਮਹਿਫ਼ਲਾਂ ।

ਸਾਡੇ ਵੇਹੜੇ ਲੱਗਦੀਆਂ , ਗ਼ਮਾਂ ਦੀਆਂ ਮਹਿਫ਼ਲਾਂ ॥




ਮਰੇ ਮੁੱਕੇ ਪਿਆਰ ਦਾ , ਮਨਾਉਂਦੀਆਂ ਨੇ ਸੋਗ ਇਹ ,

ਚੰਗੇ ਕੰਮ ਲਾ ਗਿਆ ਹੈ ,ਇਸ਼ਕੇ ਦਾ ਰੋਗ ਇਹ,

ਅੱਖ਼ਾਂ ਅਤੇ ਦਿਲ ਰੋਵੇ ,

ਪਲ ਵੀ ਨਾ ਚੁੱਪ ਹੋਵੇ ,

ਨਦੀ ਵਾਂਗੂੰ ਵਗਦੀਆਂ ... ਗ਼ਮਾਂ ਦੀਆਂ ਮਹਿਫ਼ਲਾਂ ।

ਸਾਡੇ ਵੇਹੜੇ ਲੱਗਦੀਆਂ , ਗ਼ਮਾਂ ਦੀਆਂ ਮਹਿਫ਼ਲਾਂ ॥




ਹੋਰ ਔਖਾ ਹੋਈਏ , ਜਦੋਂ ਯਾਦਾਂ ਦੀ ਪਟਾਰੀ ਖ਼ੁੱਲੇ ,

ਸੱਜਣੋ " ਘੁਮਾਣ " ਘਰ , ਦੁੱਖ਼ਾਂ ਦੀ ਹਨ੍ਹੇਰੀ ਝੁੱਲੇ ,

ਪਿੱਪਲਾਂ ਦੀ ਛਾਂ ਉਹ ,

ਸੁੰਨੀ ਸੁੰਨੀ ਥਾਂ ਉਹ ,

ਲਾਟਾਂ ਬਣ ਮੱਘਦੀਆਂ .. ਗ਼ਮਾਂ ਦੀਆਂ ਮਹਿਫ਼ਲਾਂ ।

ਸਾਡੇ ਵੇਹੜੇ ਲੱਗਦੀਆਂ , ਗ਼ਮਾਂ ਦੀਆਂ ਮਹਿਫ਼ਲਾਂ ॥




ਲੇਖਕ : ਜਰਨੈਲ ਘੁਮਾਣ


ਮੋਬਾਇਲ ਨੰਬਰ : +91-98885-05577

Email :ghuman5577@yahoo.com

ਚੰਡੀਗੜ੍ਹ ਸ਼ਹਿਰ ਨੇ

ਬੜੇ ਦੁੱਖ਼ ਦਿੱਤੇ ਤੇਰੇ , ਚੰਡੀਗੜ੍ਹ ਸ਼ਹਿਰ ਨੇ ॥





ਭਾਵੇਂ ਸੋਹਣਾ ਸ਼ਹਿਰ ਹੈ ਇਹ , ਦੁਨੀਆਂ ਚ' ਮੰਨਿਆਂ ,

ਅਸੀਂ ਸੋਹਣਾ ਕਹੀਏ ਇਹਨੂੰ, ਦਿਲ ਨਹੀ ਮੰਨਿਆਂ ,

ਜਿੱਦਣ ਤੋਂ ਵਸੇ ਨਹੀਂਓ , ਜਮੇਂ ਸਾਡੇ ਪੈਰ ਨੇ ।

ਬੜੇ ਦੁੱਖ਼ ਦਿੱਤੇ ਤੇਰੇ , ਚੰਡੀਗੜ੍ਹ ਸ਼ਹਿਰ ਨੇ ॥




ਲੋਕਾਂ ਲਈ ਸੋਹਣਾ ਹੋਣਾ, ਅਸੀਂ ਸੋਹਣਾ ਕਹੀਏ ਕਿਵੇਂ ,

ਸੋਹਣਿਆਂ ਬਗੈਰ ਭਲਾ , ਸੋਹਣੇ ਸ਼ਹਿਰ ਰਹੀਏ ਕਿਵੇਂ ,

ਭੁੱਲ ਗਈਆਂ ਮੰਜ਼ਿਲਾਂ , 'ਤੇ ਸਮੇਂ ਚੱਲੇ ਠਹਿਰ ਨੇ ।

ਬੜੇ ਦੁੱਖ਼ ਦਿੱਤੇ ਤੇਰੇ .........................॥



ਏਸੇ ਸ਼ਹਿਰ ਆ ਕੇ , ਸਾਡਾ ਪਿਆਰ ਗੁਆਚਿਆ ,

ਸੋਹਣਾ ਸੋਹਣਾ , ਕੋਮਲ ਜਾ ਯਾਰ ਗੁਆਚਿਆ ,

ਦਿਲ ਦੇ ਪਿਆਰਿਆਂ ਨਾ , ਪਏ ਸਾਡੇ ਵੈਰ ਨੇ ।

ਬੜੇ ਦੁੱਖ਼ ਦਿੱਤੇ ਤੇਰੇ .........................॥



ਰੌਕ ,ਰੋਜ਼ ਬਾਗਾਂ ਵਿੱਚ , ਡਰਦੇ ਨਹੀਂ ਜਾਈਦਾ ,

ਯਾਦਾਂ ਦਿਆਂ ਕੰਡਿਆਂ ਤੋਂ, ਖੁਦ ਨੂੰ ਬਚਾਈਦਾ ,

ਸੀਨੇ ਉਤੇ ਪੱਛ ਲਾਏ , ਪਾਰਕਾਂ ਦੀ ਸੈਰ ਨੇ ।

ਬੜੇ ਦੁੱਖ ਦਿੱਤੇ ਤੇਰੇ .......... ॥



ਝੀਲ਼ ਸੁਖਨਾ ਤੇ ਗਏ , ਘੁੰਮਦੇ ਘੁੰਮਾਉਂਦੇ ਅਸੀਂ ,

ਉਦਾਸੀਆਂ ਨਿਰਾਸ਼ੀਆਂ ਤੋਂ, ਖੁਦ ਨੂੰ ਬਚਾਉਂਦੇ ਅਸੀਂ ,

ਝੀਲ ਭਰ ਦਿੱਤੀ ਵਗੀ , ਹੰਝੂਆਂ ਦੀ ਨਹਿਰ ਨੇ ।

ਬੜੇ ਦੁੱਖ ਦਿੱਤੇ ਤੇਰੇ ..............॥



ਤੇਰੇ ਨਾ ਬਿਤਾਏ ਪਲ , ਥਾਂਈਂ ਥਾਂਈਂ ਲੱਭੀਏ ,

ਕਦੋਂ ਉਹਲੇ ਬੈਠ , ਮੋਤੀ ਪਿਆਰ ਵਾਲੇ ਚੱਬੀਏ ,

ਖੋਹ ਲਏ ਹਾਸੇ ਸਾਥੋਂ , ਈਰਖ਼ਾ ਦੇ ਜ਼ਹਿਰ ਨੇ ।

ਬੜੇ ਦੁੱਖ਼ ਦਿੱਤੇ ਤੇਰੇ .......... ...........॥




ਘੜੀ ਮੁੜੀ ਯਾਦ ਆਉਣ , ਤੇਰੀਆਂ ਸ਼ਰਾਰਤਾਂ ,

ਦੱਬ ਲਈ ਹੂਕ ਸਾਡੀ , ਉੱਚੀਆਂ ਇਮਾਰਤਾਂ ,

ਕਿਸੇ ਵੀ ਨਾ ਹੰਝੂ ਪੂੰਝੇ ,ਵਗੇ ਚੱਤੋ ਪਹਿਰ ਨੇ ।

ਬੜੇ ਦੁੱਖ਼ ਦਿੱਤੇ ਤੇਰੇ ........ .............॥



ਪੱਥਰ ਦਿਲਾਂ ਦੇ ਲੋਕੀ , ਪੱਥਰਾਂ ਦਾ ਛਾਇਆ ਹੈ ,

ਪੱਥਰ ਦਿਲਾਂ ਨੇ , ਸਾਨੂੰ ਪੱਥਰ ਬਣਾਇਆ ਹੈ ,

ਪੱਥਰਾ ਦਾ ਸ਼ਹਿਰ ਤਾਹੀਂਓ ,ਕਿਹਾ ਕਿਸੇ ਸ਼ਾਇਰ ਨੇ ।

ਬੜੇ ਦੁੱਖ਼ ਦਿੱਤੇ ਤੇਰੇ ........... ...........॥



ਵੱਡੇ ਸ਼ਹਿਰ ਵੱਸਣੈ " ਘੁਮਾਣ " ਨੂੰ ਫਤੂਰ ਸੀ ,

ਪਰ ਕਿੰਨਾ ਸੋਹਣਾ , ਸਾਡਾ ਸ਼ਹਿਰ ਸੰਗਰੂਰ ਸੀ ,

ਉਥੇ ਮੇਰੇ ਆਪਣੇ , 'ਤੇ ਇੱਥੇ ਸਭੈ ਗੈਰ ਨੇ ।

ਬੜੇ ਦੁੱਖ਼ ਦਿੱਤੇ ਤੇਰੇ ....................॥

ਬੜੇ ਦੁੱਖ਼ ਦਿੱਤੇ ਤੇਰੇ , ਚੰਡੀਗੜ੍ਹ ਸ਼ਹਿਰ ਨੇ ॥



ਲੇਖਕ : ਜਰਨੈਲ ਘੁਮਾਣ


ਮੋਬਾਇਲ ਨੰਬਰ : +91-98885-05577

Email :ghuman5577@yahoo.com

ਹਾਏ ਨੀ ਜਿੰਦੇ

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ।



ਕਿੱਥੇ ਗਏ ਵਾਅਦੇ ,ਤੇਰੇ ਲੱਗੀਆਂ ਨਿਭਾਉਣ ਦੇ ।

ਪਿਆਰ ਪਿੱਛੇ ਦੁਨੀਆਂ ਦੇ ,ਨਾਲ ਟਕਰਾਉਣ ਦੇ ।

ਚੁੱਪ ਵੱਟ , ਨਜ਼ਰਾਂ ,

ਝੁਕਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ॥



ਏਦਾਂ ਕਰਨੀ ਸੀ , ਕਾਹਨੂੰ ਲਾਉਣੀਆਂ ਸੀ ਅੱਖੀਆਂ ।

ਲਾਈਆਂ ਸੀ ਤਾਂ ,ਅੱਜ ਨਾ ਝੁਕਾਉਣੀਆਂ ਸੀ ਅੱਖੀਆਂ ।

ਬੇ ਵਸੀ ਜਿਹੀ ਕਿਉਂ ਵਿਖਾ ਕੇ ,ਤੁਰ ਚੱਲੀਂ ਏ ।

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ॥



ਲਾਉਣ ਵੇਲੇ ਤੁੰ ਹੀ ਤਾਂ , ਕੀਤੀ ਸੀ ਪਹਿਲ ਜਿਹੀ ।

ਤੂੰ ਹੀ ਛਣਕਾਉਂਦੀ ਹੁੰਦੀ ,ਜਾਣ ਬੁੱਝ ਪਾਇਲ ਜਿਹੀ ।

ਸਭ ਕੁੱਝ ਪਲਾਂ ਚ' , ਭੁੱਲਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ॥



ਰੋਕਦਾ ਰਿਹਾ ਮੈਂ ਤੈਨੂੰ ,ਪੁੱਗਣਾ ਨਾ ਪਿਆਰ ਸਾਡਾ ।

ਆਸ਼ਕਾਂ ਦਾ ਵੈਰੀ ਰਿਹਾ , ਮੁੱਢੋਂ ਸੰਸਾਰ ਸਾਡਾ ।

ਕੀਤੀ ਗੱਲ ਆਪੇ ਝੂਠਲਾਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ॥




ਰੁੱਸਣਾ ਮਨਾਉਣਾ ਤਾਂ ,ਬਥੇਰਾ ਹੁੰਦਾ ਰਹਿੰਦਾ ਸੀ ।

ਕਦੇ ਉਹ ਮੇਰਾ ਕਦੇ , ਤੇਰਾ ਹੁੰਦਾ ਰਹਿੰਦਾ ਸੀ ।

ਰੋਸਿਆਂ ਨੂੰ ਵਿਛੋੜੀਂ ਬਦਲਾਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ॥



ਤੇਰੇ ਚਿੱਤ ਵਿੱਚ ਕੁੱਝ , ਚਲਦਾ ਸੀ ਹੋਰੋਂ ਹੋਰ ।

ਗੱਲਾਂ ਵਿੱਚੋਂ ਲੱਗਦਾ ਸੀ ,ਕਦੇ ਕਦੇ ਗੁੱਝਾ ਚੋਰ ।

ਸਾਡੀਆਂ ਤਾਂ ਖ਼ੁਸ਼ੀਆਂ ਚੁਰਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ॥



ਕਹਾਂ ਵੀ ਤਾਂ ਕੀ ,ਵੈਸੇ ਫਾਇਦਾ ਵੀ ਕੀ ਕਹਿਣ ਦਾ ।

ਸਿੱਖ ਲੈ " ਘੁਮਾਣ " ਵੱਲ , ਗ਼ਮਾਂ ਵਿੱਚ ਰਹਿਣ ਦਾ ।

ਆਪਣੇ ਹੀ ਹੱਥੀਂ ,ਮੰਜੀ ਪਾ ਕੇ ਤੁਰ ਚੱਲੀਂ ਏ ।

ਹਾਏ ਨੀ ਜਿੰਦੇ ,

ਜਿੰਦ ਤੜਫਾਕੇ ਤੁਰ ਚੱਲੀਂ ਏ ॥



ਲੇਖਕ : ਜਰਨੈਲ ਘੁਮਾਣ


ਮੋਬਾਇਲ ਨੰਬਰ : +91-98885-05577

Email :ghuman5577@yahoo.com

ਮੂਡ ਜਿਹਾ ਖ਼ਰਾਬ ਏ

ਮੂਡ ਜਿਹਾ ਖ਼ਰਾਬ ਏ




ਹੌਲੀ ਹੌਲੀ ਭੁੱਲ ਗਏ ਸਾਂ , ਬੀਤੇ ਦੀਆਂ ਬਾਤਾਂ ਨੂੰ ।

ਮਾਰ ਲਿਆ ਸੀ ਮਨ ਓਦੋਂ , ਸਮਝ ਹਾਲਾਤਾਂ ਨੂੰ ।

ਬਾਤ ਚੱਲੀ , ਬਾਤਾਂ ਵਾਲੀ , ਖ਼ੁੱਲ੍ਹ ਗਈ ਕਿਤਾਬ ਏ ।

ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥



ਲੋਕਾਂ ਵਾਗੂੰ ਅਸਾਂ ਵੀ ਸੀ , ਸੁਪਨੇ ਸਜਾਏ ਕੁੱਝ ।

ਮੁਹੱਬਤਾਂ ਦੇ ਘਰ ਜਿਹੇ ,ਖ਼ਿਆਲਾਂ ਚ' ਵਸਾਏ ਕੁੱਝ ।

ਟੁੱਟ ਗਿਆ ਪਲਾਂ ਵਿੱਚ , ਵੇਖ਼ਿਆ ਖ਼ੁਆਬ ਏ ।

ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥



ਤੀਆਂ ਜਿਹੇ ਦਿਨ ਸਨ , ਰੁੱਤਾਂ ਪਿਆਰ ਵਾਲੀਆਂ ।

ਸੌਣ ਦੇ ਮਹੀਨੇ , ਚੜ੍ਹ ਆਈਆਂ ਘਟਾਂ ਕਾਲੀਆਂ ।

ਓਸੇ ਸਾਉਣ ਝੱਖ਼ੜਾਂ ਨੇ , ਮਿੱਧਿਆ ਗੁਲ਼ਾਬ ਏ ।

ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥



ਜ਼ੋਰਾਵਰਾਂ ਓਸ ਵੇਲੇ , ਮਾਰੇ ਐਸੇ ਲੋਹੜੇ ਸੀ ।

ਪੱਛ ਦਿੱਤਾ ਸੀਨਾ ਸਾਡਾ , ਪੈ ਗਏ ਵਿਛੋੜੇ ਸੀ ।

ਅਜੇ ਵੀ ਨਾ ਝੱਲ ਹੁੰਦਾ , ਜਖ਼ਮਾਂ ਦਾ ਤਾਬ ਏ ।

ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥



ਬਗ਼ਾਵਤ ਦਾ ਸੋਚਿਆ ਸੀ , ਕਰ ਦੇਈਏ ਜੱਗ ਤੋਂ ।

ਬੱਚ ਜਾਂਗੇ ਦੋਨੋ ਹੀ , ਵਿਛੋੜਿਆਂ ਦੀ ਅੱਗ ਤੋਂ ।

ਮਾਪਿਆਂ ਦੀ ਇੱਜ਼ਤ ਦਾ , ਸਹਿ ਲਿਆ ਦਬਾਬ ਏ ।

ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥



ਉਹਨੂੰ ਮਾੜੀ ਆਖ਼ , ਹਮਦਰਦੀ ਦਿਖ਼ਾਓ ਨਾ ।

ਸਤੇਅ ਹੋਏ "ਘੁਮਾਣ" ਤਾਈਂ , ਹੋਰ ਸਤਾਓ ਨਾ ।

ਸੱਜਣਾ ਦੇ ਨਾਲ ਸਾਡਾ , ਵੱਖ਼ਰਾ ਹਿਸਾਬ ਏ ।

ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥



ਲੇਖਕ : ਜਰਨੈਲ ਘੁਮਾਣ


ਮੋਬਾਇਲ ਨੰਬਰ : +91-98885-05577

Email :ghuman5577@yahoo.com

ਬੇਗਾਨਿਆਂ ਨੂੰ ਰੋਣਾ ਛੱਡ

ਬੇਗਾਨਿਆਂ ਨੂੰ ਰੋਣਾ ਛੱਡ




ਛੱਡ ਗਏ ਜਿਹੜੇ ਤੈਨੂੰ , ਰੋਂਦੇ ਕੁਰਲਾਉਂਦੇ ਨੂੰ ,

ਪਾਲੋ ਪਾਲ ਅੱਖ਼ੀਆਂ ਚੋ' , ਅੱਥਰੂ ਵਹਾਉਂਦੇ ਨੂੰ ,

ਉਹਨਾਂ ਵਾਰੇ ਸੋਚ ਹੁਣ , ਤੂੰ ਵੀ ਦੁੱਖ਼ੀ ਹੋਣਾ ਛੱਡ ।

ਛੱਡ ਦਿਲਾਂ ਛੱਡ ਤੂੰ , ਬੇਗਾਨਿਆਂ ਨੂੰ ਰੋਣਾ ਛੱਡ ॥





ਜਿੰਨਾ ਨਾਲ ਤੇਰੇ ਕਦੀ , ਗੂੜ੍ਹ ਯਾਰਾਨੇ ਸੀ ।

ਤੇਰੇ ਨਹੀਂ ਸੱਚੀਂ , ਉਹਤਾਂ ਗੈਰ ਸੀ ,ਬੇਗਾਨੇ ਸੀ ।

ਹੰਝੂਆਂ ਦੇ ਨਾਲ ਅੱਖ਼ਾਂ , ਵਾਰ ਵਾਰ ਧੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥





ਦੁੱਧ ਚ' ਛੁਹਾਰੇ ਪਾ ਤੂੰ , ਜਿੰਨਾ ਨੂੰ ਪਿਲਾਉਂਦਾ ਰਿਹਾ ।

ਸੀਨੇ ਵਿੱਚੋਂ ਮਾਸ ਕੱਢ , ਭੁੰਨ ਕੇ ਖ਼ੁਵਾਉਂਦਾ ਰਿਹਾ ।

ਯਾਦਾਂ ਵਾਲਾ ਬੋਝ ਹੁਣ , ਮੋਢਿਆਂ 'ਤੇ ਢੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥





ਕੀ ਕੀਤਾ ਉਹਨਾਂ ਲਈ , ਹੁਣ ਬਹੁਤਾ ਸੋਚ ਨਾ ਤੂੰ ।

ਅਹਿਸਾਨ ਚੁਕਾਉਣਗੇ ਉਹ, ਛੱਡ ਪਰਾਂ੍ਹ ਲੋਚ ਨਾ ਤੂੰ ।

ਕਿੱਥੇ ਤੈਥੋਂ ਭੁੱਲ ਹੋਈ ,ਬੀਤੇ ਵਿੱਚੋਂ ਟੋਹਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥




ਤੇਰੇ ਹੁੰਦੇ ਤੇਰੇ ਨਾਲ , ਨਿਭਦੇ ਅਖ਼ੀਰ ਤੱਕ ।

ਫਿਰੇ ਸੀ ਜ਼ੁਬਾਨੋਂ,ਹੁਣ ਮਾਰ ਲਈ ਜ਼ਮੀਰ ਤੱਕ ।

ਮਰੀਆਂ ਜ਼ਮੀਰਾਂ ਵਾਲੇ , ਪਾਸੇ ਤੂੰ ਖ਼ਲੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥



ਉਹਨਾਂ ਬਾਰੇ ਸੋਚ , ਕਰੀ ਜਾਵੇਂ ਪਛਤਾਵੇ ਨੂੰ ।

ਤੇਰੇ ਸੀ ਕਦੇ ਉਹ,ਛੱਡ ਕਰਨਾ ਇਹ ਦਾਅਵੇ ਨੂੰ ।

ਆਪਣੀ ਜ਼ੁਬਾਨੋ , ਸਭ ਥਾਂਵਾਂ ਤੇ ਬਗੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........॥



ਸੰਭਲ ਜਾ ਵੇਲੇ ਸਿਰ, ਹਾਲੇ ਵੀ "ਘੁਮਾਣ" ਤੂੰ ।

ਬੀਤੇ ਕੱਲ੍ਹ ਬਾਰੇ ਸੋਚ , ਹੋ ਨਾ ਪ੍ਰੇਸ਼ਾਨ ਤੂੰ ।

ਗੁਜ਼ਰੇ ਦਿਨਾਂ ਨੂੰ ਪਾ ਕੇ , ਚੱਕੀ ਵਿੱਚ ਝੋਣਾ ਛੱਡ ।

ਛੱਡ ਦਿਲਾਂ ਛੱਡ ਤੂੰ.............. .........

ਛੱਡ ਦਿਲਾਂ ਛੱਡ ਤੂੰ ,ਬੇਗਾਨਿਆਂ ਨੂੰ ਰੋਣਾ ਛੱਡ ।





ਲੇਖਕ : ਜਰਨੈਲ ਘੁਮਾਣ


ਮੋਬਾਇਲ ਨੰਬਰ : +91-98885-05577

Email :ghuman5577@yahoo.com