ਮੂਡ ਜਿਹਾ ਖ਼ਰਾਬ ਏ
ਹੌਲੀ ਹੌਲੀ ਭੁੱਲ ਗਏ ਸਾਂ , ਬੀਤੇ ਦੀਆਂ ਬਾਤਾਂ ਨੂੰ ।
ਮਾਰ ਲਿਆ ਸੀ ਮਨ ਓਦੋਂ , ਸਮਝ ਹਾਲਾਤਾਂ ਨੂੰ ।
ਬਾਤ ਚੱਲੀ , ਬਾਤਾਂ ਵਾਲੀ , ਖ਼ੁੱਲ੍ਹ ਗਈ ਕਿਤਾਬ ਏ ।
ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥
ਲੋਕਾਂ ਵਾਗੂੰ ਅਸਾਂ ਵੀ ਸੀ , ਸੁਪਨੇ ਸਜਾਏ ਕੁੱਝ ।
ਮੁਹੱਬਤਾਂ ਦੇ ਘਰ ਜਿਹੇ ,ਖ਼ਿਆਲਾਂ ਚ' ਵਸਾਏ ਕੁੱਝ ।
ਟੁੱਟ ਗਿਆ ਪਲਾਂ ਵਿੱਚ , ਵੇਖ਼ਿਆ ਖ਼ੁਆਬ ਏ ।
ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥
ਤੀਆਂ ਜਿਹੇ ਦਿਨ ਸਨ , ਰੁੱਤਾਂ ਪਿਆਰ ਵਾਲੀਆਂ ।
ਸੌਣ ਦੇ ਮਹੀਨੇ , ਚੜ੍ਹ ਆਈਆਂ ਘਟਾਂ ਕਾਲੀਆਂ ।
ਓਸੇ ਸਾਉਣ ਝੱਖ਼ੜਾਂ ਨੇ , ਮਿੱਧਿਆ ਗੁਲ਼ਾਬ ਏ ।
ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥
ਜ਼ੋਰਾਵਰਾਂ ਓਸ ਵੇਲੇ , ਮਾਰੇ ਐਸੇ ਲੋਹੜੇ ਸੀ ।
ਪੱਛ ਦਿੱਤਾ ਸੀਨਾ ਸਾਡਾ , ਪੈ ਗਏ ਵਿਛੋੜੇ ਸੀ ।
ਅਜੇ ਵੀ ਨਾ ਝੱਲ ਹੁੰਦਾ , ਜਖ਼ਮਾਂ ਦਾ ਤਾਬ ਏ ।
ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥
ਬਗ਼ਾਵਤ ਦਾ ਸੋਚਿਆ ਸੀ , ਕਰ ਦੇਈਏ ਜੱਗ ਤੋਂ ।
ਬੱਚ ਜਾਂਗੇ ਦੋਨੋ ਹੀ , ਵਿਛੋੜਿਆਂ ਦੀ ਅੱਗ ਤੋਂ ।
ਮਾਪਿਆਂ ਦੀ ਇੱਜ਼ਤ ਦਾ , ਸਹਿ ਲਿਆ ਦਬਾਬ ਏ ।
ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥
ਉਹਨੂੰ ਮਾੜੀ ਆਖ਼ , ਹਮਦਰਦੀ ਦਿਖ਼ਾਓ ਨਾ ।
ਸਤੇਅ ਹੋਏ "ਘੁਮਾਣ" ਤਾਈਂ , ਹੋਰ ਸਤਾਓ ਨਾ ।
ਸੱਜਣਾ ਦੇ ਨਾਲ ਸਾਡਾ , ਵੱਖ਼ਰਾ ਹਿਸਾਬ ਏ ।
ਕਰੋ ਨਾ ਮਖ਼ੌਲ ਯਾਰੋ , ਮੂਡ ਜਿਹਾ ਖ਼ਰਾਬ ਏ ॥
ਲੇਖਕ : ਜਰਨੈਲ ਘੁਮਾਣ
ਮੋਬਾਇਲ ਨੰਬਰ : +91-98885-05577
Email :ghuman5577@yahoo.com
No comments:
Post a Comment