ਐ ਮੇਰੇ ਜ਼ਨਾਜ਼ੇ ਦੇ ਤਮਾਸ਼ਬੀਨੋ !
ਮੇਹਰਬਾਨੀ ਹੈ ਤੁਹਾਡੀ,
ਅੱਜ ਜਾ ਰਿਹਾ ਹਾਂ ਮੈਂ ।
ਦੁਨੀਆਦਾਰੀ ਨਿਭਾਉਣੀ ਸੀ ਆਏ ਡਾਰਾਂ ਬੰਨ੍ਹ,
ਓਦੋਂ ਕਿੱਥੇ ਸੀ ਜਦੋਂ ਤੋਂ,
ਬੁਲਾ ਰਿਹਾ ਹਾਂ ਮੈਂ ।
ਮੈਥੋਂ ਮੇਰੀ ਜ਼ਿੰਦਗਾਨੀ ਖੋਹ ਲਈ ਤੁਸਾਂ ਬੇਈਮਾਨੋਂ,
ਕੈਸੀ ਦੋਸਤੀ ਦੀ ਕੀਮਤ,
ਚੁੱਕਾ ਰਿਹਾ ਹਾਂ ਮੈਂ ]
ਜ਼ਮੀਰੋ ਖੂਣੇ ਲੋਕਾਂ ਨਾਲ ਭਲਾ ਸ਼ਿਕਵਾ ਤਾਂ ਕੀ ਐ,
ਗੱਲਾਂ ਕਹਿਣੋਂ ਨਾ ਰਹਿ ਜਾਣ,
ਤਾਂ ਸੁਣਾ ਰਿਹਾ ਹਾਂ ਮੈਂ ।
ਜਿਉਂ ਦੇ ਤਿਉਂ ਨੇ ਜਖ਼ਮ ਜੋ ਸੀ ਦਿੱਤੇ ਤੁਸਾਂ ਖ਼ੁਦ,
ਨਿੱਤ ਹੰਝੂਆਂ ਦੀ ਮੱਲ੍ਹਮ,
ਲਗਾ ਰਿਹਾ ਹਾਂ ਮੈਂ ।
ਧੋਖ਼ੇਬਾਜ਼ੀਆ ਦੇ ਛੁਰੇ ਮੇਰੇ ਸੀਨੇ ਵਿੱਚ ਮਾਰੇ,
ਪੀੜਾਂ ਝੱਲੀਆਂ ਨਾ ਜਾਣ,
ਕਰਾਹ ਰਿਹਾ ਹਾਂ ਮੈਂ ।
ਮੇਰੀ ਕੁੱਲੀ ਢਾਹ ਕੇ ਮਹਿਲ ਤੁਸੀਂ ਆਪਣੇ ਉਸਾਰੇ,
ਨੰਗੇ ਆਸਮਾਨ ਥੱਲੇ ਸਿਰ ਨੂੰ,
ਛੁਪਾ ਰਿਹਾ ਹਾਂ ਮੈਂ ।
ਸੁੱਖ਼ ਵੰਡਦੀਆਂ ਛਾਂਵਾਂ ਵਾਲੇ ਰੁੱਖ ਵੱਢ ਲੈ ਗਏ,
ਧੁੱਪਾਂ ਕੜਕਦੀਆਂ ਤਨ ਤੇ,
ਹੰਢਾਂ ਰਿਹਾ ਹਾਂ ਮੈਂ ।
ਭੁੱਖ਼ਾਂ ਤ੍ਰੇਹਾਂ ਬਾਰੇ ਸੋਚਣ ਦੀ ਵਿਹਲ ਭਲਾਂ ਕਿੱਥੇ,
ਜੋ ਜੋ ਬੋਲ ਕੇ ਗਏ ਓ,
ਮਸਾਂ ਖਾ ਰਿਹਾ ਹਾਂ ਮੈਂ ।
ਜੋ ਸੀ ਮੇਰੇ ਕੋਲ ਸਭ ਕੁੱਝ ਖਾ ਬੈਠੇ ਤੁਸੀਂ,
ਖਾਲੀ ਹੱਥ ਹੁਣ ਮੇਰੇ,
ਲਓ ! ਦਿਖ਼ਾ ਰਿਹਾ ਹਾਂ ਮੈਂ ।
ਖ਼ੂਨ ਪੀ ਲਿਆ ਪਹਿਲਾਂ, ਮਾਸ ਤੱਕ ਨੋਚ ਖ਼ਾ ਗਏ,
ਖਾਲੀ ਪਿੰਜਰ ਹੈ ਨਜ਼ਰ,
ਜਿਹੜਾ ਆ ਰਿਹਾ ਹਾਂ ਮੈਂ ।
ਤੁਸਾਂ ਕੀਤੀਆਂ ਜੋ ਮੈਂ ਤਾਂ ਉਹੀਓ ਚੇਤੇ ਕਰਵਾਈਆਂ,
ਤੁਹਾਨੂੰ ਲੱਗਦਾ ਹੋਵੇਗਾ,
ਪਛਤਾ ਰਿਹਾ ਹਾਂ ਮੈਂ ।
ਤੇਰੇ ਯਾਰ ਸੀ ਇਹ, ਇੱਕ ਦਿਨ ਤਾਂ ਕੀ ਹੋਇਆ ਦਿਲਾ,
ਤੁਹਾਡੇ ਬਾਰੇ ਕਹਿ ਇੰਝ,
ਸਮਝਾ ਰਿਹਾ ਹਾਂ ਮੈਂ ।
ਚਾਰ ਹੱਡੀਆਂ ਦੀ ਦੌਲਤ ਹੈ ਮੇਰੇ ਕੋਲ ਹੁਣ,
ਥੋਡੀ ਨਜ਼ਰ ਕੋਲੋ ਇਹਨੂੰ ਵੀ,
ਬਚਾ ਰਿਹਾ ਹਾਂ ਮੈਂ ।
ਹਾੜਾ ਦਫ਼ਨਾਦੋ ਲਾਸ਼ ਮੇਰੀ ਸਹੀ ਸਲਾਮਤ,
ਕਿਤੇ ਵੇਚ ਹੀ ਨਾ ਦੇਵੋਂ,
ਘਬਰਾ ਰਿਹਾ ਹਾਂ ਮੈਂ।
ਤੁਸੀਂ ਮੁੱਦਤਾਂ ਤੋਂ ਜਿਉਂਦੇ ਜੀਅ " ਘੁਮਾਣ " ਮਾਰ ਦਿੱਤਾ ।
ਅੱਜ ਮਰਨ ਦੀ ਰਸਮ .
ਨਿਭਾ ਰਿਹਾ ਹਾਂ ਹੈ ॥
No comments:
Post a Comment