ਗੱਲ ! ਉਦਾਸੀ ਦੀ ਨਹੀਂ, ਨਾ ਹੀ ਚਲੇ ਜਾਣ ਦੀ,
ਗੱਲ ! ਜਾਣ ਵੇਲੇ ਕਹੀ ਓਸ ਗੱਲ ਦੀ ਹੈ ।
ਗੱਲ ! ਜੁਦਾਈ ਦੀ ਪੀੜ ਨੂੰ ਸਹਿਣ ਦੀ ਨਹੀਂ,
ਗੱਲ ! ਗੱਲਾਂ ਨਾਲ ਕੀਤੇ ਡੂੰਘੇ ਛੱਲ ਦੀ ਹੈ ।
ਗੱਲ ! ਅੱਜ ਦੇ ਫਿਕਰ ਦੀ ਨਹੀਂ ਬਹੁਤੀ,
ਗੱਲ ! ਆਉਣ ਵਾਲੇ ਦੁੱਖ ਤੇ ਕੱਲ੍ਹ ਦੀ ਹੈ ।
ਗੱਲ ! ਆਪਣੇ ਬਣੇ ਨਾ ਉਹ ਓਸਦੀ ਨਹੀਂ,
ਗੱਲ ! ਛੱਡ ਸਾਨੂੰ ਹੋ ਗਏ ਗੈਰਾਂ ਵੱਲ ਦੀ ਹੈ ।
ਗੱਲ ! ਪਿਆਰ ਨਹੀਂ ਨਿਭਿਆ ਤਾਂ ਦੀ ਨਹੀਂ,
ਗੱਲ ! ਪਿਆਰ 'ਚ ਖ਼ਿਲਰ ਗਏ ਝੱਲ੍ਹ ਦੀ ਹੈ ।
ਗੱਲ ! ਆਉਣ ਵਾਲੇ ਦਿਨ ਕਿੰਝ ਕੱਟਣ ਦੀ ਨਹੀਂ,
ਗੱਲ ! ਜ਼ਿੰਦਗੀ 'ਚ ਮੱਚੇ ਤਰਥੱਲ ਦੀ ਹੈ ।
ਗੱਲ ! ਤਨਹਾਈ ਨੂੰ ਝੱਲਣ ਦੀ ਨਹੀਂ ਜ਼ਿਆਦਾ,
ਗੱਲ ! ਤਨਹਾਈ ਤੋਂ ਬਚਣ ਦੇ ਹੱਲ ਦੀ ਹੈ ।
ਗੱਲ ! ਯਾਦਾਂ ਤੋਂ ਬੱਚਣ ਬਚਾਉਣ ਦੀ ਨਹੀਂ,
ਗੱਲ ! ਉਹਨਾਂ ਨਾਲ ਬੀਤੇ ਪਲ ਪਲ ਦੀ ਹੈ ।
ਗੱਲ ! " ਘੁਮਾਣ " ਨੂੰ ਗੱਲ ਬਿਨਾਂ ਛੱਡਣ ਦੀ ਨਾ,
ਗੱਲ ! ਗੱਲ ਗੱਲ ਤੇ ਵਿਗੜ ਗਈ ਗੱਲ ਦੀ ਹੈ ॥
No comments:
Post a Comment